Showing posts with label News. Show all posts
Showing posts with label News. Show all posts

ਜਵਾਲਾਮੁਖੀ ਬਾਰੇ ਜਾਣਕਾਰੀ

ਬੱਚਿਓ, ਗਰਮ ਲਾਵਾ ਜਦੋਂ ਧਰਤੀ ਦੇ ਕਿਸੇ ਸੁਰਾਖ ਵਿਚੋਂ ਬਾਹਰ ਨਿਕਲਦਾ ਹੈ ਤਾਂ ਕੁਦਰਤ ਵਿਚ ਇਹ ਇਕ ਭਿਆਨਕ ਘਟਨਾ ਮੰਨੀ ਜਾਂਦੀ ਹੈ | ਕਈ ਸਥਾਨਾਂ 'ਤੇ ਲਾਵਾ ਹੌਲੀ-ਹੌਲੀ ਪਰ ਕਈ ਹੋਰ ਸਥਾਨਾਂ 'ਤੇ ਇਕ ਧਮਾਕੇਦਾਰ ਆਵਾਜ਼ ਨਾਲ ਨਿਕਲਦਾ ਹੈ | ਧਰਤੀ 'ਤੇ ਕਈ-ਕਈ ਕਿਲੋਮੀਟਰਾਂ ਵਿਚ ਅੱਗ ਦੇ ਗੋਲੇ ਅਤੇ ਭਾਫ ਦੇ ਬੱਦਲ ਫੈਲ ਜਾਂਦੇ ਹਨ ਅਤੇ ਰਸਤੇ ਵਿਚ ਆਉਣ ਵਾਲੀ ਹਰੇਕ ਚੀਜ਼ ਝੁਲਸ ਜਾਂਦੀ ਹੈ |
ਇਸ ਦੇ ਫਟਣ ਦਾ ਕਾਰਨ ਇਹ ਹੈ ਕਿ ਧਰਤੀ ਹੇਠ ਲਾਵੇ ਵਿਚ ਕਾਰਬਨ ਡਾਈਆਕਸਾਈਡ ਘੁਲੀ ਹੁੰਦੀ ਹੈ, ਜੋ ਲਾਵੇ ਉੱਪਰ ਦਬਾਅ ਵਧਾਉਂਦੀ ਰਹਿੰਦੀ ਹੈ | ਜਦੋਂ ਇਹ ਦਬਾਅ ਲਾਵੇ ਦੇ ਚੈਂਬਰ ਉੱਪਰ ਵਧ ਜਾਂਦਾ ਹੈ ਤਾਂ ਇਹ ਲਾਵਾ ਧਰਤੀ ਦੇ ਸੁਰਾਖਾਂ ਵਿਚੋਂ ਬਾਹਰ ਫੁੱਟ ਪੈਂਦਾ ਹੈ ਤੇ ਹੌਲੀ-ਹੌਲੀ ਠੰਢਾ ਹੋ ਕੇ ਚਟਾਨ ਦਾ ਰੂਪ ਧਾਰਨ ਕਰ ਲੈਂਦਾ ਹੈ | ਸਾਰੇ ਜਵਾਲਾਮੁਖੀ ਬੇਸ਼ੱਕ ਉਹ ਧਰਤੀ ਉੱਪਰ ਜਾਂ ਸਮੰੁਦਰ ਵਿਚ ਹੋਣ, ਹਰੇਕ ਦੀ ਸਥਿਤੀ ਅਲੱਗ-ਅਲੱਗ ਹੁੰਦੀ ਹੈ | ਕਈ ਜਵਾਲਾਮੁਖੀ ਹਰੇਕ ਸਾਲ ਅਤੇ ਕਈ ਕਿੰਨੇ-ਕਿੰਨੇ ਸਾਲ ਬਿਨਾਂ ਹਰਕਤ ਪਏ ਰਹਿੰਦੇ ਹਨ | ਕੁਝ ਜਵਾਲਾਮੁਖੀ ਅਜਿਹੇ ਵੀ ਹੁੰਦੇ ਹਨ, ਜੋ ਇਕ ਵਾਰ ਫਟ ਕੇ ਮੁੜ ਕਦੇ ਵੀ ਨਹੀਂ ਫਟਦੇ | ਜਵਾਲਾਮੁਖੀ ਵਿਗਿਆਨੀ ਹਰੇਕ ਸਾਲ ਫਟਣ ਵਾਲੇ ਜਵਾਲਾਮੁਖੀਆਂ 'ਤੇ ਖੋਜ ਕਰਕੇ ਭਵਿੱਖਬਾਣੀ ਕਰਦੇ ਹਨ |
ਸਾਹਸੀ ਜਵਾਲਾਮੁਖੀ ਵਿਗਿਆਨੀ : ਬੱਚਿਓ, ਫਰਾਂਸ ਦੇ ਦੋ ਵਿਗਿਆਨੀ ਮਾਉਰੀਸ ਕਰਾਫਟ (1946-91) ਅਤੇ ਕੇਤੀਆ ਕਰਾਫਟ (1947-91) ਨੇ ਦੂਜੇ ਜਵਾਲਾਮੁਖੀ ਵਿਗਿਆਨੀਆਂ ਨਾਲੋਂ ਜਵਾਲਾਮੁਖੀਆਂ ਉੱਪਰ ਵੱਧ ਕੰਮ ਕੀਤਾ ਹੈ | ਉਨ੍ਹਾਂ ਨੇ ਜਵਾਲਾਮੁਖੀਆਂ ਦੀਆਂ ਫੋਟੋਆਂ ਲਈਆਂ, ਫਿਲਮਾਂ ਬਣਾਈਆਂ ਅਤੇ ਅੰਕੜੇ ਤਿਆਰ ਕੀਤੇ | ਅਫਸੋਸ ਹੈ ਕਿ ਇਹ ਦੋਵੇਂ 1991 ਵਿਚ ਜਾਪਾਨ ਵਿਚ ਆਏ ਇਕ ਜਵਾਲਾਮੁਖੀ ਦੀ ਭੇਟ ਚੜ੍ਹ ਗਏ ਅਤੇ ਇਨ੍ਹਾਂ ਦੇ ਮਿ੍ਤਕ ਸਰੀਰ ਕਦੇ ਵੀ ਪ੍ਰਾਪਤ ਨਹੀਂ ਹੋਏ |
ਕੁਝ ਤਬਾਹੀ ਮਚਾਉਣ ਵਾਲੇ ਜਵਾਲਾਮੁਖੀ : ਸੰਨ 1669 ਵਿਚ ਇਟਲੀ ਵਿਚ ਜਵਾਲਾਮੁਖੀ ਨੇ 20 ਹਜ਼ਾਰ, ਸੰਨ 1793 ਵਿਚ ਜਾਵਾ ਵਿਚ 53 ਹਜ਼ਾਰ ਅਤੇ ਸੰਨ 1815 ਵਿਚ ਇੰਡੋਨੇਸ਼ੀਆ ਵਿਚ 92 ਹਜ਼ਾਰ ਲੋਕਾਂ ਨੇ ਜਾਨਾਂ ਗਵਾਈਆਂ |

ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ

ਪੰਜਵੇਂ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਹਾਲੇ ਵੀ ਚਰਚਾ ਵਿਚ ਹੈ। ਟੀ. ਵੀ. ਰਾਹੀਂ ਇਹ ਮੈਚ ਕਰੋੜਾਂ ਲੋਕਾਂ ਨੇ ਵੇਖਿਆ ਤੇ ਯੂ ਟਿਊਬ ਤੋਂ ਅਜੇ ਵੀ ਵੇਖਿਆ ਜਾ ਰਿਹੈ। ਇਹ ਮੈਚ ਕਾਫੀ ਵਾਦ-ਵਿਵਾਦੀ ਰਿਹਾ। ਉਲੰਪੀਅਨ ਪਰਗਟ ਸਿੰਘ ਦੀ ਪ੍ਰਧਾਨਗੀ ਵਿਚ ਬਣੀ ਤਕਨੀਕੀ ਕਮੇਟੀ ਨੇ ਇਸ ਦੀ ਪੁਣ-ਛਾਣ ਕਰ ਲਈ ਹੈ ਤੇ ਕਈ ਲੁਕਵੇਂ ਤੱਥ ਲੱਭੇ ਹਨ। ਕਬੱਡੀ ਪ੍ਰੇਮੀ ਚਾਹੁੰਦੇ ਹੋਣਗੇ ਕਿ ਉਨ੍ਹਾਂ ਤੱਥਾਂ ਦਾ ਪਤਾ ਲੱਗੇ ਤਾਂ ਕਿ ਫੈਲਾਏ ਜਾ ਰਹੇ ਭਰਮ-ਭੁਲੇਖੇ ਦੂਰ ਹੋਣ, ਦਰਸ਼ਕ ਹਾਰੇ ਖਿਡਾਰੀਆਂ ਦੇ ਹੰਝੂ ਵੇਖ ਕੇ ਗ਼ਲਤ ਅਨੁਮਾਨ ਨਾ ਲਾਉਣ, ਵਾਧੂ ਦੀਆਂ ਊਜਾਂ ਦੇ ਸ਼ਿਕਾਰ ਨਾ ਹੋਣ।
ਅਕਸਰ ਵੇਖਿਆ ਜਾਂਦੈ ਕਿ ਖਿਡਾਰੀ ਹਾਰ ਜਾਣ ਪਿੱਛੋਂ ਰੋਂਦੇ-ਧੋਂਦੇ ਤੇ ਬੇਇਨਸਾਫ਼ੀ ਦੇ ਇਲਜ਼ਾਮ ਲਾਉਂਦੇ ਹਨ। ਕੁਝ ਐਸਾ ਹੀ ਭਾਰਤ-ਪਾਕਿ ਫਾਈਨਲ ਮੈਚ ਪਿੱਛੋਂ ਹੋਇਆ। ਵਿਸ਼ਵ ਕਬੱਡੀ ਕੱਪ ਦਾ ਡਾਇਰੈਕਟਰ ਉੱਘਾ ਕਬੱਡੀ ਖਿਡਾਰੀ, ਪੁਲਿਸ ਅਫਸਰ ਸ਼ਿਵਦੇਵ ਸਿੰਘ ਸੀ, ਜਿਸ ਦੀ ਛਬੀ ਨਿਰਪੱਖ, ਇਮਾਨਦਾਰ ਤੇ ਅਨੁਸ਼ਾਸਨਬੱਧ ਪ੍ਰਬੰਧਕ ਹੋਣ ਦੀ ਬਣੀ ਹੋਈ ਹੈ। ਉਸ ਦਾ ਖ਼ੁਦ ਖੇਡਣ, ਖਿਡਾਉਣ ਤੇ ਖੇਡ ਪ੍ਰਬੰਧਕ ਹੋਣ ਦਾ 40 ਵਰ੍ਹੇ ਲੰਮਾ ਤਜਰਬਾ ਹੈ। ਉਸ ਨੇ ਮੈਚ ਤੋਂ ਪਹਿਲਾਂ ਭਾਰਤ-ਪਾਕਿ ਟੀਮਾਂ ਦੀ ਨਿਗਰਾਨੀ ਲਈ ਨਿਗਰਾਨ ਲਾ ਦਿੱਤੇ ਸਨ ਤਾਂ ਕਿ ਖਿਡਾਰੀ ਪਿੰਡੇ 'ਤੇ ਤੇਲੀਆ ਸ਼ੈਅ ਜਾਂ ਟੀਕੇ ਆਦਿ ਨਾ ਲਾ ਸਕਣ। ਇਹਦੇ ਬਾਵਜੂਦ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ ਨੇ ਤੇਲੀਆ ਵਸਤੂਆਂ ਪਿੰਡਿਆਂ 'ਤੇ ਲਾ ਲਈਆਂ ਸਨ। ਪਾਕਿਸਤਾਨ ਦੀ ਟੀਮ ਨਾਲ ਲਾਏ ਨਿਗਰਾਨ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਸ ਨੂੰ ਇਹ ਕਹਿ ਕੇ ਕਮਰੇ ਤੋਂ ਬਾਹਰ ਭੇਜਿਆ ਗਿਆ ਪਈ ਉਨ੍ਹਾਂ ਨੇ ਦੁਆ ਕਰਨੀ ਹੈ। ਉਹ ਬਾਹਰ ਨਿਕਲਿਆ ਤਾਂ ਜਿਨ੍ਹਾਂ ਨੇ ਤੇਲ ਲਾਉਣਾ ਸੀ, ਉਹ ਤੇਲ ਦੀ 'ਦੁਆ' ਲਾ ਕੇ ਬਾਹਰ ਨਿਕਲੇ। ਇੰਜ ਹੀ ਕੁਝ ਭਾਰਤੀ ਖਿਡਾਰੀਆਂ ਨੇ 'ਬਾਮ' ਲਾਈ।
ਟੀਮਾਂ ਦਾਇਰੇ ਵਿਚ ਆਈਆਂ ਤਾਂ ਸ਼ਿਵਦੇਵ ਸਿੰਘ ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਲਿਸ਼ਕਦੇ ਪਟੇ ਵੇਖਦਿਆਂ ਉਨ੍ਹਾਂ ਨੂੰ ਹੱਥ ਲਾ ਕੇ ਟੋਹਿਆ। ਉਸ ਦਾ ਕਹਿਣਾ ਹੈ ਕਿ ਉਹਦਾ ਹੱਥ ਤੇਲ ਨਾਲ ਗੱਚ ਹੋ ਗਿਆ। ਚੰਗੀ ਤਰ੍ਹਾਂ ਪੂੰਝਣ ਨਾਲ ਵੀ ਉਸ ਦਾ ਚਿਪਚਿਪਾਪਨ ਕਾਇਮ ਰਿਹਾ। ਨਿਯਮਾਂ ਅਨੁਸਾਰ ਪਿੰਡੇ ਜਾਂ ਵਾਲਾਂ ਨੂੰ ਤੇਲ ਲਾ ਕੇ ਆਏ ਖਿਡਾਰੀਆਂ ਨੂੰ ਲਾਲ ਕਾਰਡ ਵਿਖਾ ਕੇ ਮੈਚ ਖੇਡਣ ਤੋਂ ਬੈਨ ਕਰ ਦੇਣਾ ਬਣਦਾ ਸੀ, ਪਰ ਉਸ ਵੇਲੇ ਤੇਲੀਆ ਖਿਡਾਰੀਆਂ ਨੂੰ ਬੈਨ ਕੀਤਾ ਜਾਂਦਾ ਤਾਂ ਸੰਭਾਵਨਾ ਸੀ ਕਿ ਮੈਚ ਹੁੰਦਾ ਹੀ ਨਾ। ਉਸ ਵੇਲੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਸੁਸ਼ੋਭਿਤ ਸਨ ਅਤੇ ਦਰਸ਼ਕਾਂ ਨਾਲ ਭਰੇ ਹੋਏ ਸਟੇਡੀਅਮ 'ਚ ਮੈਚ ਵੇਖਣ ਦੀ ਤੀਬਰ ਚਾਹਤ ਸੀ। ਕਰੋੜਾਂ ਲੋਕ ਟੀ. ਵੀ. ਤੋਂ ਮੈਚ ਵੇਖਣ ਦੀ ਇੰਤਜ਼ਾਰ ਕਰ ਰਹੇ ਸਨ। ਉਸ ਸਥਿਤੀ ਵਿਚ ਤੌਲੀਆਂ ਨਾਲ ਪਿੰਡੇ ਪੂੰਝੇ ਗਏ, ਪਰ ਤੇਲ ਪੂਰੀ ਤਰ੍ਹਾਂ ਪੂੰਝਿਆ ਨਾ ਜਾ ਸਕਿਆ।

ਅਮਿਤਾਭ ਬੱਚਨ ਨੂੰ ਨਵੇਂ ਰੰਗ ਵਿਚ ਪੇਸ਼ ਕਰਦੀ ਫ਼ਿਲਮ : ਪੀਕੂ

ਆਪਣੀ ਢਲਦੀ ਉਮਰ ਵਿਚ ਅਮਿਤਾਭ ਬੱਚਨ ਨੂੰ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਹਨ ਉਹ ਇਕ ਅਦਾਕਾਰ ਦੇ ਨਾਤੇ ਉਨ੍ਹਾਂ ਦੀ ਬਹੁਤ ਵੱਡੀ ਉਪਲਬਧੀ ਮੰਨੀ ਜਾਵੇਗੀ | 'ਮੁਹੱਬਤੇਂ' ਤੋਂ ਬਾਅਦ ਉਨ੍ਹਾਂ ਨੇ ਆਪਣੇ ਕੈਰੀਅਰ ਦਾ ਟ੍ਰੈਕ ਬਦਲਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨਵੇਂ ਟ੍ਰੈਕ 'ਤੇ ਉਨ੍ਹਾਂ ਦੇ ਕੈਰੀਅਰ ਦੀ ਗੱਡੀ ਤੇਜ਼ ਗਤੀ ਨਾਲ ਦੌੜ ਰਹੀ ਹੈ | 'ਸਰਕਾਰ', 'ਭੂਤਨਾਥ', 'ਬਾਗਬਾਨ' ਸਮੇਤ ਕਈ ਫ਼ਿਲਮਾਂ ਵਿਚ ਉਹ ਅਭਿਨੈ ਦੇ ਨਵੇਂ-ਨਵੇਂ ਰੰਗਾਂ ਵਿਚ ਨਜ਼ਰ ਆਏ |
ਪਹਿਲਾਂ 'ਯਹਾਂ,', 'ਮਦਰਾਸ ਕੈਫੇ', 'ਵਿੱਕੀ ਡਾਨਰ' ਆਦਿ ਫ਼ਿਲਮਾਂ ਨਿਰਦੇਸ਼ਿਤ ਕਰਨ ਵਾਲੇ ਸੁਜੀਤ ਸਰਕਾਰ ਨੇ ਅਮਿਤਾਭ ਨੂੰ ਲੈ ਕੇ 'ਸ਼ੂ ਬਾਈਟ' ਬਣਾਈ ਪਰ ਇਹ ਦਰਸ਼ਕਾਂ ਦੀ ਬੁਰੀ ਕਿਸਮਤ ਕਿਹਾ ਜਾਵੇਗਾ ਕਿ ਨਿਰਮਾਤਾ ਦੇ ਆਪਸੀ ਝਗੜਿਆਂ ਦੀ ਵਜ੍ਹਾ ਕਰਕੇ ਇਹ ਫ਼ਿਲਮ ਹੁਣ ਤੱਕ ਸਿਨੇਮਾਘਰਾਂ ਵਿਚ ਪਹੁੰਚ ਨਹੀਂ ਸਕੀ ਹੈ | ਖ਼ੁਦ ਅਮਿਤਾਭ ਇਸ ਫ਼ਿਲਮ ਵਿਚ ਆਪਣੀ ਭੂਮਿਕਾ ਨੂੰ ਉੱਚ ਪੱਧਰੀ ਭੂਮਿਕਾ ਦੱਸਦੇ ਹਨ | ਹੁਣ 'ਸ਼ੂ ਬਾਈਟ' ਤੋਂ ਬਾਅਦ ਸੁਜੀਤ ਸਰਕਾਰ ਇਸ ਮਹਾਨਾਇਕ ਨੂੰ ਲੈ ਕੇ 'ਪੀਕੂ' ਬਣਾ ਰਹੇ ਹਨ ਅਤੇ ਇਹ ਫ਼ਿਲਮ ਕੋਲਕਾਤਾ ਵਿਚ ਸ਼ੂਟ ਕੀਤੀ ਜਾ ਰਹੀ ਹੈ | ਇਸ ਫ਼ਿਲਮ ਵਿਚ ਅਮਿਤਾਭ ਦੇ ਨਾਲ ਦੀਪਿਕਾ ਪਾਦੂਕੋਨ ਹੈ | ਪ੍ਰਕਾਸ਼ ਝਾਅ ਦੀ ਫ਼ਿਲਮ 'ਆਰਕਸ਼ਣ' ਵਿਚ ਦੀਪਿਕਾ ਨੇ ਅਮਿਤਾਭ ਦੀ ਬੇਟੀ ਦੀ ਭੂਮਿਕਾ ਨਿਭਾਈ ਸੀ ਅਤੇ ਹੁਣ 'ਪੀਕੂ' ਵਿਚ ਵੀ ਪਿਤਾ-ਪੁੱਤਰੀ ਦੀ ਕਹਾਣੀ ਪੇਸ਼ ਕੀਤੀ ਗਈ ਹੈ | ਫ਼ਿਲਮ ਵਿਚ ਦੀਪਿਕਾ ਦੇ ਕਿਰਦਾਰ ਦਾ ਨਾਂਅ ਪੀਕੂ ਹੈ ਅਤੇ ਉਹ ਇਸ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ |
ਇਸ ਫ਼ਿਲਮ ਵਿਚ ਅਮਿਤਾਭ ਬਜ਼ੁਰਗ ਬੰਗਾਲੀ ਬਣੇ ਹਨ | ਕਿਉਂਕਿ ਅਮਿਤਾਭ ਦਾ ਬੰਗਾਲ ਨਾਲ ਨੇੜੇ ਦਾ ਸਬੰਧ ਰਿਹਾ ਹੈ | ਇਸ ਲਈ ਉਹ ਖ਼ੁਦ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹੀ ਹਨ | ਆਪਣੀ ਇਸ ਫ਼ਿਲਮ ਬਾਰੇ ਉਹ ਕਹਿੰਦੇ ਹਨ, 'ਇਸ ਫ਼ਿਲਮ ਦੀ ਬਦੌਲਤ ਮੈਨੂੰ ਤਕਰੀਬਨ ਅੱਠ ਸਾਲ ਬਾਅਦ ਕੋਲਕਾਤਾ ਵਿਚ ਸ਼ੂਟਿੰਗ ਕਰਨ ਦਾ ਮੌਕਾ ਮਿਲਿਆ ਹੈ | ਇਸ ਸ਼ਹਿਰ ਨਾਲ ਮੇਰਾ ਪੁਰਾਣਾ ਸਬੰਧ ਹੈ | ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਮੈਂ ਇਥੇ ਨੌਕਰੀ ਕਰਿਆ ਕਰਦਾ ਸੀ | ਜਦੋਂ ਮੈਨੂੰ ਕਿਹਾ ਗਿਆ ਕਿ ਇਸ ਫ਼ਿਲਮ ਲਈ ਮੈਨੂੰ ਕੋਲਕਾਤਾ ਦੀਆਂ ਸੜਕਾਂ 'ਤੇ ਸਾਈਕਲ ਚਲਾਉਣਾ ਹੋਵੇਗਾ ਤਾਂ ਉਦੋਂ ਮੇਰੇ ਦਿਲ ਵਿਚ ਇਸ ਮਹਾਂਨਗਰ ਵਿਚ ਬਿਤਾਏ ਪੁਰਾਣੇ ਦਿਨਾਂ ਦੀਆਂ ਯਾਦਾਂ ਆਉਣ ਲੱਗੀਆਂ | ਮੈਨੂੰ ਅੱਜ ਵੀ ਇਸ ਦੇ ਹਰ ਰਸਤੇ ਦਾ ਪਤਾ ਹੈ | ਇਥੇ ਆ ਕੇ ਕੰਮ ਕਰਨ ਦਾ ਅਨੰਦ ਹੀ ਕੁਝ ਹੋਰ ਹੈ |
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਮਨ੍ਹਾਂ ਕਰਦੇ ਹੋਏ ਸਿਰਫ਼ ਏਨਾ ਜ਼ਰੂਰ ਕਹਿੰਦੇ ਹਨ 'ਮੈਂ ਇਸ ਵਿਚ ਬੰਗਾਲੀ ਬਾਬੂ ਬਣਿਆ ਹਾਂ | ਇਹ ਬਾਬੂ ਮੋਸ਼ਾਏ ਮੱਧਵਰਗੀ ਹੈ | ਇਸ ਲਈ ਆਪਣੀ ਸਿਹਤ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ | ਇਹੀ ਵਜ੍ਹਾ ਹੈ ਕਿ ਉਸ ਦੀ ਥੋੜ੍ਹੀ ਗੋਗੜ ਵੀ ਨਿਕਲੀ ਹੋਈ ਹੈ | ਜਦੋਂ ਮੈਂ ਸੁਜੀਤ ਤੋਂ ਗੋਗੜ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੇਕਰ ਮੈਂ ਸਰੀਰਕ ਤੌਰ 'ਤੇ ਫਿਟ ਨਜ਼ਰ ਆਇਆ ਤਾਂ ਇਹ ਕਿਰਦਾਰ ਨਕਲੀ ਲੱਗੇਗਾ | ਇਸ ਫ਼ਿਲਮ ਵਿਚ ਕਿਤੇ-ਕਿਤੇ ਬੰਗਲਾ ਭਾਸ਼ਾ ਵੀ ਬੋਲੀ ਹੈ | ਮੈਨੂੰ ਇਹ ਭਾਸ਼ਾ ਆਉਂਦੀ ਹੈ | ਇਸ ਲਈ ਇਥੇ ਸੰਵਾਦ ਬੋਲਣ ਵਿਚ ਕੋਈ ਮੁਸ਼ਕਿਲ ਨਹੀਂ ਆਈ | ਸਾਡੇ ਇਥੇ ਬਾਪ-ਬੇਟੀ ਦੇ ਰਿਸ਼ਤੇ 'ਤੇ ਘੱਟ ਹੀ ਫ਼ਿਲਮਾਂ ਬਣੀਆਂ ਹਨ | ਮੈਨੂੰ ਲਗਦਾ ਹੈ ਕਿ 'ਪੀਕੂ' ਦੀ ਕਹਾਣੀ ਵਿਚ ਦਰਸ਼ਕਾਂ ਨੂੰ ਨਵੀਂ ਅਪੀਲ ਨਜ਼ਰ ਆਵੇਗੀ ਅਤੇ ਉਹ ਇਸ ਨੂੰ ਪਸੰਦ ਵੀ ਕਰਨਗੇ |'
ਅਮਿਤਾਭ ਜਦੋਂ ਫ਼ਿਲਮਾਂ ਵਿਚ ਨਵੇਂ ਆਏ ਸਨ ਉਦੋਂ ਮੀਲ ਦਾ ਪੱਥਰ ਬਣ ਚੁੱਕੀ ਫ਼ਿਲਮ 'ਅਨੰਦ' ਵਿਚ ਉਨ੍ਹਾਂ ਨੇ ਬੰਗਾਲੀ ਡਾਕਟਰ ਦੀ ਭੂਮਿਕਾ ਨਿਭਾਈ ਸੀ ਅਤੇ ਇਸ ਵਿਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਬਾਬੂ ਮੋਸ਼ਾਏ ਦਾ ਕਿਰਦਾਰ ਅਮਰ ਹੋ ਗਿਆ |
ਹੁਣ ਦੇਖੋ 'ਪੀਕੂ' ਵਿਚ ਬੰਗਾਲੀ ਬਾਬੂ ਬਣ ਕੇ ਉਹ ਕੀ ਨਵਾਂ ਕਮਾਲ ਦਿਖਾਉਂਦੇ ਹਨ |
-ਇੰਦਰਮੋਹਨ ਪੰਨੂੰ

ਲੋਕ ਦਿਖਾਵਾ ਨਾ ਰਹੇ ਕੁੜੀਆਂ ਦੀ ਲੋਹੜੀ

ਅੱਜਕਲ੍ਹ ਪੰਜਾਬੀ ਸੱਭਿਆਚਾਰ ਵਿਚ ਇਕ ਨਵੀਂ ਪੰ੍ਰਪਰਾ 'ਕੁੜੀਆਂ ਦੀ ਲੋਹੜੀ ਮਨਾਉਣਾ' 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਕਈ ਲੋਕ ਇਸ ਪੰ੍ਰਪਰਾ ਨੂੰ ਅਪਣਾਅ ਵੀ ਰਹੇ ਹਨ | ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦਾ ਪੁਰਾਤਨ ਸਬੰਧ ਨਵੇਂ ਜਨਮੇ ਮੰੁਡੇ ਦੀ ਖੁਸ਼ੀ ਨਾਲ ਰਿਹਾ ਹੈ | ਪੰ੍ਰਪਰਾ ਅਨੁਸਾਰ ਜਦੋਂ ਮੰੁਡੇ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਲੋਹੜੀ ਪਾਉਣ ਦਾ ਰਿਵਾਜ ਰਿਹਾ ਹੈ, ਜਦੋਂ ਕਿ ਕੁੜੀ ਦੇ ਜੰਮਣ ਨੂੰ ਪਰਿਵਾਰ 'ਤੇ ਪਏ ਇਕ ਬੋਝ ਵਜੋਂ ਦੇਖਿਆ ਜਾਂਦਾ ਰਿਹਾ ਹੈ | ਪਰਿਵਾਰ ਵਿਚ ਮੰੁਡੇ ਦੇ ਜੰਮਣ 'ਤੇ ਖੁਸ਼ੀ ਤੇ ਕੁੜੀ ਦੇ ਜੰਮਣ 'ਤੇ ਡੰੂਘੀ ਚਿੰਤਾ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ | ਫਿਰ ਵੀ ਸਮੇਂ ਦੇ ਨਾਲ-ਨਾਲ ਕੁੜੀਆਂ ਦੇ ਜੰਮਣ ਪ੍ਰਤੀ ਸੋਚ ਨੂੰ ਬਦਲਣ ਲਈ ਲੋਕ-ਲਹਿਰਾਂ ਨੇ ਕਾਫੀ ਯੋਗਦਾਨ ਦਿੱਤਾ ਹੈ, ਜਿਸ ਅਧੀਨ ਹੀ 'ਭਰੂਣ ਹੱਤਿਆ' ਤੇ 'ਦਾਜ ਪ੍ਰਥਾ' ਵਿਰੁੱਧ ਲੋਕ-ਆਵਾਜ਼ ਵੀ ਬੁਲੰਦ ਹੋਈ ਹੈ | ਅਜਿਹਾ ਲੱਗ ਰਿਹਾ ਹੈ ਕਿ ਇਕ ਨਵੀਂ ਤੇ ਚੇਤਨਤਾ ਲੋਕ-ਮਨਾਂ ਅੰਦਰ ਫੂਕੀ ਜਾ ਰਹੀ ਹੈ |
ਨਵੀਂ ਚੇਤਨਤਾ ਅਤੇ ਹਾਂ-ਪੱਖੀ ਸੋਚ ਕਰਕੇ ਹੀ ਕੁੜੀਆਂ ਦੇ ਜੰਮਣ ਦੀ ਖੁਸ਼ੀ ਮਨਾਉਣ 'ਤੇ ਅੱਜ ਜ਼ੋਰ ਦਿੱਤਾ ਜਾ ਰਿਹਾ ਹੈ |

ਭਰੂਣਹੱਤਿਆ ਰੋਕਣ ਅਤੇ ਕੁੜੀ ਜੰਮਣ 'ਤੇ ਲੋਹੜੀ ਮਨਾਉਣ ਦੀ ਨਵੀਂ ਪੰ੍ਰਪਰਾ ਤੋਰੀ ਜਾ ਰਹੀ ਹੈ | ਅੱਜਕਲ੍ਹ ਕਈ ਲੋਕਾਂ ਨੇ ਇਸ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ ਪਰ ਕੀ ਕੁੜੀ ਨੂੰ ਸਮਾਜ ਵਿਚ ਉਸ ਦੇ ਬਣਦੇ ਸਤਿਕਾਰਯੋਗ ਸਥਾਨ 'ਤੇ ਦੇਖਣ ਲਈ ਇਹ ਸਭ ਕਾਫੀ ਹੈ? ਚੰਗੀ ਤਰ੍ਹਾਂ ਘੋਖਣ 'ਤੇ ਪਤਾ ਲਗਦਾ ਹੈ ਕਿ ਇਹ ਸਿਰਫ ਇਕ ਲੋਕ ਦਿਖਾਵਾ ਹੀ ਹੋ ਰਿਹਾ ਹੈ, ਜਦੋਂ ਕਿ ਕੁੜੀਆਂ ਦੀ ਸਮਾਜ ਵਿਚ ਹਾਲੇ ਵੀ ਉਹੀ ਤਰਸਯੋਗ ਹਾਲਤ ਹੈ, ਜੋ ਪਹਿਲਾਂ ਸੀ | ਨਾ ਤਾਂ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਬਦਲੀ ਹੈ ਤੇ ਨਾ ਹੀ ਉਨ੍ਹਾਂ ਨੂੰ ਬਣਦਾ ਸਥਾਨ ਮਿਲ ਸਕਿਆ ਹੈ | ਕੁੜੀਆਂ ਦੀ ਲੋਹੜੀ ਮਨਾਉਣਾ ਗ਼ਲਤ ਨਹੀਂ ਹੈ, ਸਗੋਂ ਇਹ ਬਰਾਬਰੀ ਦੇ ਅਧਿਕਾਰ ਤੇ ਇਕ ਹਾਂ-ਪੱਖੀ ਸੋਚ ਵਾਲਾ ਕਦਮ ਹੈ ਪਰ ਸਵਾਲ ਇਹ ਹੈ ਕਿ ਕੀ ਸਿਰਫ ਲੋਹੜੀ ਹੀ ਕਿਉਂ, ਬਾਕੀ ਥਾਵਾਂ 'ਤੇ ਕੁੜੀ ਨੂੰ ਬਰਾਬਰੀ 'ਤੇ ਕਿਉਂ ਨਹੀਂ ਰੱਖਿਆ ਜਾਂਦਾ, ਜਦੋਂ ਕਿ ਮਰਦ ਤੇ ਔਰਤ ਦੋਵੇਂ ਜ਼ਿੰਦਗੀ ਦੀ ਗੱਡੀ ਦੇ ਪਹੀਏ ਹਨ |

ਸਾਡੀਆਂ ਪੰ੍ਰਪਰਾਵਾਂ ਹਾਲੇ ਵੀ ਕੁੜੀਆਂ ਨੂੰ ਬਰਾਬਰੀ ਦਾ ਹੱਕ ਨਹੀਂ ਦੇ ਰਹੀਆਂ | ਕੁੜੀ ਦੇ ਜੰਮਣ 'ਤੇ ਲੋਹੜੀ ਤਾਂ ਜ਼ਰੂਰ ਮਨਾ ਲਈ ਜਾਂਦੀ ਹੈ ਤੇ ਨਾਚ-ਗਾਣਾ, ਪਾਰਟੀ ਕਰਕੇ ਆਪਣਾ ਮਨੋਰੰਜਨ ਕਰ ਲਿਆ ਜਾਂਦਾ ਹੈ ਪਰ 'ਕੰਜਕ' ਤੇ 'ਘਰ ਦੀ ਲਕਸ਼ਮੀ' ਕਹਾਉਣ ਵਾਲੀ ਕੁੜੀ ਨੂੰ ਕਾਲਜ, ਯੂਨੀਵਰਸਿਟੀ ਵਿਚ ਉਚੇਰੀ ਸਿੱਖਿਆ ਤੋਂ ਇਹ ਕਹਿ ਕੇ ਵਾਂਝਾ ਰੱਖਿਆ ਜਾਂਦਾ ਹੈ ਕਿ ਇਸ ਨੇ ਪੜ੍ਹ ਕੇ ਕਿਹੜਾ ਨੌਕਰੀ ਕਰਨੀ ਹੈ ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਨੇ ਤਾਂ ਰੋਟੀ-ਤਵਾ ਹੀ ਕਰਨਾ ਹੈ | ਲੜਕੀਆਂ ਦੀ ਸਿੱਖਿਆ, ਵਿਆਹ ਤੇ ਉਸ ਦੇ ਬਹੁਤੇ ਅਹਿਮੀਅਤ ਰੱਖਦੇ ਫ਼ੈਸਲੇ ਅੱਜ ਵੀ ਮਰਦ ਸਮਾਜ ਵੱਲੋਂ ਕੀਤੇ ਜਾਂਦੇ ਹਨ | ਅੱਜ ਵੀ ਕੁੜੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ | ਦਿਨ-ਬਦਿਨ ਲੜਕੀਆਂ ਪ੍ਰਤੀ ਵਧ ਰਹੀ ਹਿੰਸਾ, ਇੱਜ਼ਤ ਲਈ ਕਤਲ ਤੇ ਜਬਰ-ਜਨਾਹ ਦੀਆਂ ਘਟਨਾਵਾਂ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਕੁੜੀਆਂ ਦੀ ਲੋਹੜੀ ਮਨਾਉਂਦਿਆਂ ਤਸਵੀਰ ਖਿਚਵਾ ਕੇ ਅਖਬਾਰਾਂ ਵਿਚ ਛਪਵਾ ਦੇਣਾ ਜੇ ਇਕ ਲੋਕ-ਦਿਖਾਵਾ ਨਹੀਂ ਹੈ ਤਾਂ ਹੋਰ ਕੀ ਹੈ? ਦੋਸਤੋ! ਆਓ, ਆਪਣੀਆਂ ਕੁੱਖੋਂ ਜਾਈਆਂ ਦੀ ਲੋਹੜੀ ਮਨਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਬਰਾਬਰੀ ਦੇ ਹੱਕ ਤੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਦੇ ਕੇ ਉਨ੍ਹਾਂ ਦੀਆਂ ਖੁਸ਼ੀਆਂ, ਇੱਛਾਵਾਂ ਤੇ ਸੱਧਰਾਂ ਨੂੰ ਪੂਰਾ ਕਰਨ ਦਾ ਯਤਨ ਕਰੀਏ, ਤਾਂ ਕਿ ਇਸ ਮਨੁੱਖੀ ਜੂਨ ਦੇ ਦੂਜੇ ਹਿੱਸੇ ਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਹੋ ਸਕੇ |

ਬੇਰੁਜ਼ਗਾਰ ਲਾਈਨਮੈਨ ਮਾਘੀ ਦੇ ਮੇਲੇ 'ਤੇ ਕਰਨਗੇ ਬਾਦਲ ਦਾ ਘਿਰਾਓ

ਧਾਰੀਵਾਲ- ਸਥਾਨਕ ਦਾਣਾ ਮੰਡੀ ਵਿਖੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਜੁਗਲ ਕਿਸ਼ੋਰ ਬੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬੇਰੁਜ਼ਗਾਰ ਲਾਈਨਮੈਨਾਂ ਤੋਂ ਇਲਾਵਾ ਜੁਗਲ ਕਿਸ਼ੋਰ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸੰਘਰਸ਼ ਕਰਦੇ ਕਈ ਉਨ੍ਹਾਂ ਦੇ ਸਾਥੀ ਮੌਤ ਦੀ ਭੇਟ ਚੜ ਚੁੱਕੇ ਹਨ, ਪਰ ਸਰਕਾਰ ਨੇ ਪੰਜਾਬ ਭਰ ਦੇ 4000 ਬੇਰੁਜ਼ਗਾਰ ਲਾਈਨਮੈਨਾਂ ਦੀ ਭਰਤੀ ਨਹੀਂ ਕੀਤੀ। ਇਸ ਦੇ ਰੋਸ ਵਜੋਂ ਮੁਕਤਸਰ ਵਿਖੇ ਮਾਘੀ ਦੇ ਮੇਲੇ ਦੌਰਾਨ ਸਮਾਗਮ ਵਿਚ ਆਏ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਭਰ ਦੇ ਸਮੂਹ ਬੇਰੁਜ਼ਗਾਰ ਲਾਈਨਮੈਨ ਘਿਰਾਓ ਕਰਨਗੇ। ਸਬੰਧਿਤਾਂ ਕਿਹਾ ਕਿ ਇਸ ਸਬੰਧੀ ਹੋਰ ਰਣਨੀਤੀ ਤਿਆਰ ਕਰਨ ਲਈ ਨਹਿਰੂ ਪਾਰਕ ਗੁਰਦਾਸਪੁਰ ਵਿਖੇ 11 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਯੂਨੀਅਨ ਦੀ ਅਹਿਮ ਮੀਟਿੰਗ ਹੋਵੇਗੀ।

ਚੰਡੀਗੜ੍ਹ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ ਦੀ ਧਮਕੀ

ਚੰਡੀਗੜ੍ਹ-  ਚੰਡੀਗੜ ਪੁਲਸ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਅੱਤਵਾਦੀ ਹਮਲੇ ਦੀ ਧਮਕੀ ਭਰਿਆ ਫੋਨ ਕਾਲ ਆਇਆ। ਹਵਾਈ ਅੱਡੇ 'ਤੇ ਅੱਤਵਾਦੀ ਹਮਲੇ ਨੂੰ ਲੈ ਕੇ ਇਕ ਅਣਪਛਾਤੇ ਨੰਬਰ 'ਤੇ ਫੋਨ ਕਾਲ ਆਈ। ਇਸ ਧਮਕੀ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। 

ਜ਼ਿਕਰਯੋਗ ਹੈ ਕਿ ਪੈਰਿਸ ਅਤੇ ਹੋਰ ਥਾਵਾਂ 'ਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ। ਹੁਣ ਪੰਜਾਬ ਦੇ ਚੰਡੀਗੜ੍ਹ ਵਿਚ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਧਮਕੀ ਭਰੇ ਫੋਨ ਕਾਲ ਆਈ ਹੈ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਧਮਕੀ ਭਰੇ ਫੋਨ ਕਾਲ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਰਾਮਲੀਲਾ ਮੈਦਾਨ 'ਚ ਅੱਜ ਰੈਲੀ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਦਿੱਲੀ ਵਿਧਾਨਸਭਾ ਚੋਣ ਲਈ ਸ਼ਨੀਵਾਰ ਯਾਨੀ 10 ਜਨਵਰੀ ਨੂੰ ਇੱਕ ਵਿਸ਼ਾਲ ਰੈਲੀ ਦੇ ਜਰੀਏ ਭਾਜਪਾ ਦਾ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ 'ਚ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਮੇਤ ਕਈ ਸਿਖਰ ਨੇਤਾ ਸ਼ਾਮਿਲ ਹੋਣਗੇ। ਮੋਦੀ ਦਿੱਲੀ 'ਚ ਭਾਜਪਾ ਦੇ ਚੋਣ ਪ੍ਰਚਾਰ ਦਾ ਚਿਹਰਾ ਹੋਣਗੇ, ਜਿੱਥੇ ਪਾਰਟੀ ਪਿਛਲੇ 16 ਸਾਲ ਤੋਂ ਸੱਤਾ ਤੋਂ ਬਾਹਰ ਹੈ ਤੇ ਪਾਰਟੀ ਨੂੰ ਲੱਗਦਾ ਹੈ ਕਿ ਰੈਲੀ ਨਾਲ ਚੋਣ ਲਈ ਇੱਕ ਮਾਹੌਲ ਬਣੇਗਾ। ਪਾਰਟੀ ਦੇ ਦਿੱਲੀ ਪ੍ਰਮੁੱਖ ਸਤੀਸ਼ ਉਪਾਧਿਆਏ ਨੇ ਕਿਹਾ ਹੈ ਕਿ ਪਾਰਟੀ ਇਸ ਵਾਰ 'ਮੋਦੀ ਕ੍ਰਿਸ਼ਮੇ' ਦੀ ਮਦਦ ਨਾਲ ਚੋਣ 'ਚ ਸਪਸ਼ਟ ਬਹੁਮਤ ਨਾਲ ਜਿੱਤ ਨੂੰ ਲੈ ਕੇ ਆਸਵੰਦ ਹੈ। ਭਾਜਪਾ ਨੇ 60, 000 ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਹੈ ਜਦੋਂ ਕਿ ਇਸਨੇ ਦਾਅਵਾ ਕੀਤਾ ਹੈ ਕਿ ਇੱਕ ਲੱਖ ਤੋਂ ਜ਼ਿਆਦਾ ਲੋਕ ਰੈਲੀ 'ਚ ਭਾਗ ਲੈਣਗੇ ।